19ਵੀਂ ਸਦੀ
19ਵੀਂ ਸਦੀ (1 ਜਨਵਰੀ 1801 – 31 ਦਸੰਬਰ 1900) ਸਪੇਨੀ ਸਾਮਰਾਜ, ਨੈਪੋਲੀਅਨ ਸਾਮਰਾਜ, ਪਵਿੱਤਰ ਰੋਮਨ ਸਾਮਰਾਜ ਅਤੇ ਮੁਗਲ ਸਾਮਰਾਜ ਦੇ ਢਹਿਢੇਰੀ ਹੋਣ ਦੀ ਲਖਾਇਕ ਸਦੀ ਸੀ। ਇਸ ਨੇ ਬ੍ਰਿਟਿਸ਼ ਸਾਮਰਾਜ, ਰੂਸੀ ਸਾਮਰਾਜ, ਸੰਯੁਕਤ ਰਾਜ ਅਮਰੀਕਾ, ਜਰਮਨ, ਸਾਮਰਾਜ, ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਅਤੇ Meiji ਜਪਾਨ ਦੇ ਵਧ ਰਹੇ ਪ੍ਰਭਾਵ ਲਈ ਰਾਹ ਪੱਧਰਾ ਕੀਤਾ, ਜਿਸ ਦੌਰਾਨ 1815 ਦੇ ਬਾਅਦ ਬ੍ਰਿਟਿਸ਼ ਨੇ ਚੁਣੌਤੀ-ਮੁਕਤ ਦਬਦਬੇ ਦੀ ਸੇਖੀ ਮਾਰੀ। ਨੈਪੋਲੀਅਨ ਨਾਲ ਯੁੱਧਾਂ ਵਿੱਚ ਫ਼ਰਾਂਸੀਸੀ ਸਾਮਰਾਜ ਅਤੇ ਇਸ ਦੇ ਸਹਿਯੋਗੀਆਂ ਦੀ ਹਾਰ ਦੇ ਬਾਅਦ ਬ੍ਰਿਟਿਸ਼ ਅਤੇ ਰੂਸੀ ਸਾਮਰਾਜਾਂ ਨੇ ਬਹੁਤ ਵਿਸਤਾਰ ਕੀਤਾ ਅਤੇ ਸੰਸਾਰ ਦੀਆਂ ਮੋਹਰੀ ਸ਼ਕਤੀਆਂ ਬਣ ਗਏ। ਰੂਸੀ ਸਾਮਰਾਜ ਕੇਂਦਰੀ ਅਤੇ ਦੂਰ ਪੂਰਬੀ ਏਸ਼ੀਆ ਵਿੱਚ ਫੈਲਿਆ। ਬ੍ਰਿਟਿਸ਼ ਸਾਮਰਾਜ ਦਾ ਸਦੀ ਦੇ ਪਹਿਲੇ ਅੱਧ ਵਿੱਚ, ਖਾਸ ਕਰਕੇ ਕੈਨੇਡਾ, ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਭਾਰੀ ਆਬਾਦੀ ਵਾਲੇ ਭਾਰਤ ਵਿੱਚ, ਅਤੇ ਸਦੀ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਅਫਰੀਕਾ ਵਿੱਚ ਵਿਸ਼ਾਲ ਇਲਾਕਿਆਂ ਦੇ ਵਿਸਥਾਰ ਨਾਲ ਬਹੁਤ ਤੇਜ਼ੀ ਨਾਲ ਵਾਧਾ ਹੋਇਆ। ਸਦੀ ਦੇ ਅੰਤ ਤੱਕ, ਬ੍ਰਿਟਿਸ਼ ਸਾਮਰਾਜ ਸੰਸਾਰ ਦੇ ਪੰਜਵਾਂ ਹਿੱਸਾ ਇਲਾਕੇ ਅਤੇ ਸੰਸਾਰ ਦੀ ਆਬਾਦੀ ਦੀ ਇੱਕ ਚੁਥਾਈ ਨੂੰ ਕੰਟਰੋਲ ਕਰਦਾ ਸੀ। ਉੱਤਰ-ਨੈਪੋਲੀਅਨ ਯੁੱਗ ਦੌਰਾਨ ਇਹ ਵਰਤਾਰਾ ਪੈਕਸ ਬ੍ਰਿਤਾਨਿਕਾ ਕਹਾਇਆ, ਜਿਸ ਨੇ ਵੱਡੇ ਪੈਮਾਨੇ ਤੇ ਬੇਮਿਸਾਲ ਸੰਸਾਰੀਕਰਨ, ਉਦਯੋਗੀਕਰਨ, ਅਤੇ ਆਰਥਿਕ ਏਕੀਕਰਨ ਦਾ ਦੌਰ ਸ਼ੁਰੂ ਕੀਤਾ।